Uploaded on 29th January, 2014

Readers :HTML Counter


** ਵਾਹਿਗੁਰੂ ਗੁਰਮੰਤਰ ** (ਪੰਜਾਬੀ ਕਵਿਤਾ)

ਕਵਿ ਸਰਦਾਰ ਬਿਕਰਮਜੀਤ ਸਿੰਘ ਸੇਠੀ

ਵਾਹਿਗੁਰੂ  ਨਾਮ  ਹੈ  ਸੱਚਾ  ਸੁੱਚਾ,  ਸ੍ਵਾਸ ਸ੍ਵਾਸ  ਇਹ  ਕਹੀਏ ਜੀ

ਗੁਰਸਿੱਖੀ  ਦਾ  ਇਹ  ਗੁਰਮੰਤਰ,  ਇਸਤੋਂ  ਦੂਰ  ਨ੍ਹਾਂ  ਰਹੀਏ ਜੀ

ਨਾਮ  ਪ੍ਰਭੂ ਦਾ  ਹੈ ਸਰਵੋਤੱਮ,  ਸੰਤ  ਭਗਤ ਕਰ  ਗਏ  ਫ਼ੁਰਮਾਣ

ਇਸ ਬਿਨ  ਕਿਧਰੇ  ਢੋਈ  ਨਾਹੀਂ,  ਲਈਏ ਗਲ ਇਹ  ਪੱਕੀ ਜਾਣ

ਨਾਮ ਦੀਆਂ ਛੱਲਾਂ  ਜਿਸਦੇ  ਅੰਦਰ,  ਠਾਠਾਂ  ਮਾਰਨ  ਉੱਚੀਆਂ ਜੀ

ਸੁਰਤਾਂ  ਉਸ ਵਡਭਾਗੀ ਦੀਆਂ ਫ਼ਿਰ,  ਹੋਣ  ਹਮੇਸ਼ਾਂ  ਸੁੱਚੀਆਂ ਜੀ

ਰੱਤਿਆ ਜਾਏ  ਨਾਮ-ਰੰਗ ਵਿਚ,  ਚੜ੍ਹੇ ਮਜੀਠਾ  ਰੰਗ  ਉਸ ਤਾਈਂ

ਮਾਇਆ ਮਮਤਾ  ਛੋਹ ਨ੍ਹਾਂ ਸੱਕੇ,  ਦੁਸ਼ਮਨ ਦੂਤ ਸਭ ਪਰੇ ਪਰਾਈਂ

ਹਿਰਦਾ ਠੱਰਿਆ ਰਹੇ ਓਸਦਾ,  ਸੁਰਤ ਟਿਕਾਵੇ  ਚਰਨੀਂ  ਰੱਬ ਦੇ

ਪੱਲ ਪੱਲ ਕਰੇ  ਸਕਾਰਥ ਅਪਣਾ,  ਗਾਵੇ ਪੜ੍ਹੇ ਗੀਤ ਉਹ  ਪ੍ਰਭ ਦੇ

ਉਪਮਾਂ ਕਰ ਕਰ ਕਦੇ ਨ੍ਹਾਂ ਥੱਕੇ,  ਹਰਪੱਲ ਹਰਜੱਸ  ਗਾਉਂਦਾ ਜੀ

ਵਿਚ ਸ਼ੁਕਰਾਨੇ "ਜੀਤਰਹੇ ਉਹਮਨ ਬਾਂਛਤ ਫ਼ਲ ਪਾਉਂਦਾ ਜੀ

ਭੀੜਾ ਪੈ ਜਾਏ ਜਿਸਤੇ ਭਾਰੀ,  ਦੁਸ਼ਮਣ ਬਣ ਜਾਏ ਖ਼ਲਕਤ ਸਾਰੀ

ਵਾਲ ਵਿੰਗਾ  ਕੋ  ਕਰ ਨ੍ਹਾਂ ਸੱਕੇ,  ਜਦ ਹਰੀ ਨਾਮ ਦੀ ਚੜ੍ਹੇ ਖ਼ੁਮਾਰੀ

ਭਗਤਾਂ ਦਾ ਉਹ  ਰਖਿਅਕ ਸੱਚਾ,  ਕਿਰਪਾ ਮਿਹਰ ਵਰਤਾਂਦਾ ਜੀ

ਤੱਤੀ ਵਾਉ ਨ੍ਹਾਂ ਛੂਹੇ ਉਸਨੂੰ,  ਸਦ ਗੁਰਮੰਤਰ ਕਵਚ ਜੋ ਪਾਂਦਾ ਜੀ

ਵਸਤਾਂ ਮਿਠੀਆਂ  ਜਗ ਦੇ ਅੰਦਰ,  ਖੰਡ ਮਾਖਿਓਂ ਦੁਧ ਮਿਠਿਆਈ

ਨਾਮ ਤੁਲ ਹੋਵਣ ਸਭ  ਫ਼ਿਕੀਆਂ,  ਜਾਣ ਲਵੋ ਕਰ ਸਿਮਰਨ ਭਾਈ

ਨਾਮ ਹੈ  ਉੱਚਾ ਨਾਮ ਅੱਤ ਸੁੱਚਾ,  ਨਾਮ ਦੀ ਮਹਿਮਾ  ਅਪਰੰਪਾਰ

ਨਾਮ ਹੈ ਬੋਹਿਥ ਇਸ ਭਉਜਲ ਦਾਗੁਰਬਾਣੀ ਕਹਿੰਦੀ ਬਾਰੰਬਾਰ

ਛੱਤੀ ਪਦਾਰਥ ਭੋਜਨ ਤਨ ਲਈ,  ਦੁਧ ਦਹੀਂ  ਫ਼ਲ ਤੇ ਅੰਨ ਸਾਰੇ

ਰੂਹ ਦਾ ਭੋਜਨ ਨਾਮ ਹੈ ਕੇਵਲਜੱਪ ਜੱਪ ਤ੍ਰਿਪਤ ਹੋਣ ਸਗਲਾਰੇ

ਭਜਨ ਬਿਨਾ ਕਰਦੇ ਨਿਤ ਭੋਜਨ,  ਜੋ ਹਰੀ-ਨਾਮ ਨ੍ਹਾਂ ਜੱਪਣ ਮੂਲ

ਤੱਜ ਅਮ੍ਰਿਤ ਨੇਂ ਬਿਖ ਅਪਨਾਂਦੇ,  ਦੁਰਲੱਭ ਜਨਮ ਵੰਞਾਂਣ ਫ਼ਜ਼ੂਲ

ਜਪੀਏ ਨਾਮ  ਵਿਚ ਭਗਤੀ ਜੁੜੀਏ,  ਹੈ ਮਿਲੀ ਮਨੁੱਖਾ ਦੇਹੀ ਸਾਨੂੰ

ਖੁੰਝਿਆ ਅਵਸਰ  ਪਛਤਾਵਾਂਗੇ,  ਮੁੜ ਮਿਲਸੀ ਜੂਨ ਚੁਰਾਸੀ ਸਾਨੂੰ

ਹੋਰ ਦੇਰ ਨ੍ਹਾਂ ਆਓ ਕਰੀਏ,  ਵਿਚ ਸਾਧ ਸੰਗਤ  ਚਲ  ਰਲੀਏ ਜੀ

ਅਮ੍ਰਿਤ ਨਾਮ  ਵਾਹਿਗੁਰੂ ਜਪੀਏ,  ਜਨਮ ਸਫ਼ਲ ਕਰ ਚਲੀਏ ਜੀ

ਮਨੋਂ ਹਨੇਰੇ ਦੂਰ ਨਸਾਈਏ,  ਅੰਦਰ  ਗਿਆਨ ਦਾ  ਚਾਨਣ ਕਰੀਏ

ਪੰਜ ਚੋਰ  ਫੜ ਕਢ੍ਹੀਏ ਬਾਹਰ,  ਅਮ੍ਰਿਤ-ਨਾਮ  ਜੋਤ ਰਿਦ ਧਰੀਏ

ਨਿਕਲਕੇ ਸਭ ਜੰਜਾਲਾਂ ਚੋਂ ਹੁਣ,  ਉੱਤਮ ਕਾਜ  ਆਓ ਇਹ ਕਰੀਏ

ਜੁੜੀਏ ਸੰਗ  ਨਾਮ ਪ੍ਰੀਤਮ ਦੇ,  ਰੋਮ ਰੋਮ  ਪ੍ਰਭ-ਸਿਮਰਨ  ਕਰੀਏ

ਨਾਮ ਹੈ ਅਮ੍ਰਿਤ  ਨਾਮ ਨਿਆਮਤ,  ਚੰਗੇ ਭਾਗਾਂ ਨਾਲ ਹੈ ਮਿਲਦਾ

ਰੱਬੀ ਕਿਰਪਾ  ਹੋਵੇ ਜਿਸਤੇ,  ਨਾਮ-ਕਮਲ  ਉਸ ਅੰਦਰ ਖਿਲਦਾ

ਕਹੇ "ਜੀਤਮੇਰੇ ਵੀਰੋ ਭੈਣੋਂ,  ਸੌ ਗੱਲਾਂ ਦੀ ਗੱਲ ਇੱਕ ਮੰਨ ਲਓ

ਛੱਡ ਕੇ ਕਾਰਜ  ਸਭ ਨਿਹਫ਼ੱਲੇ,  ਗੁਰਮੰਤਰ ਦਾ  ਪੱਲਾ ਫ਼ੜ ਲਓ

 


Click on image/photo
Click on image/photo