NAUVEN GURU, Sri Guru Teg Bahadur Sahib Ji

ਕਵਿ : ਸਰਦਾਰ ਬਿਕਰਮਜੀਤ ਸਿੰਘ "ਜੀਤ"

image courtesy : http://www.sarabsanjhigurbani.com/imgs/photo-gallery/SSG5.jpg

::: ਨੌਵਾਂ ਗੁਰੂ :::

.

ਰੂਪ ਰੱਬ ਦਾ ਨੌਵਾਂ ਨਾਨਕ ਬਣ ਚਾਦਰ ਹਿੰਦ ਦੀ ਆਇਆ

ਸਿਰ ਕਟਵਾਕੇ ਅਪਣਾ ਜਿਸਨੇ ਸੀ ਹਿੰਦੂ ਧਰਮ ਬਚਾਇਆ

ਜੱਥਾ ਪੰਡਤਾਂ ਦਾ ਕਸ਼ਮੀਰੋਂ ਆ ਚਰਨੀਂ ਗੁਰਾਂ ਦੀ ਢੱਠਾ

ਰੋ ਰੋ ਕਿਰਪਾ ਰਾਮ ਨੇਂ ਦੱਸਿਆ ਜ਼ੁਲਮ ਕਹਿਰ ਦਾ ਚਿੱਠਾ

ਕਹਿਣ ਲਗਾ ਮੁਗਲਾਂ ਅੱਤ ਚੁੱਕੀ ਖ਼ਤਰੇ ਵਿਚ ਹਿੰਦੂ ਸਾਰੇ

ਹੁਣ ਇੱਕੋ ਓਟ ਆਪਦੀ ਸਾਨੂੰ ਕਰੋ ਰਖਿਆ ਬਣੋ ਸਹਾਰੇ

ਨੌਂ ਸਾਲ ਦੇ ਬਾਲਾ ਪ੍ਰੀਤਮ ਤੱਕ ਰਹੇ ਸੀ ਸਭ ਨਜ਼ਾਰਾ

ਆ ਕਿਹਾ ਪਿਤਾਜੀ ਕਰੋ ਇਨਾ ਦਾ ਦੁੱਖਾਂ ਤੋਂ ਛੁਟਕਾਰਾ

ਕਿਹਾ ਗੁਰਾਂ ਹੈ ਹੜ ਜ਼ੁਲਮ ਦਾ ਨਹੀ ਰੁਕਣਾ ਨਾਲ ਅਸਾਨੀ

ਇਹ ਬਚਣ ਹਿੰਦੂ ਜੇਕਰ ਕੋਈ ਮਹਾਪੁਰਸ਼ ਦਏ ਕੁਰਬਾਨੀ

ਕਿਹਾ ਗੋਬਿੰਦ ਨੇਂ ਤੁਰਤ ਪਿਤਾਜੀ ਮੈਂ ਸੋਚ ਹੈ ਅੱਤ ਦੁੜਾਈ

ਚੌਕੁੰਟੀ ਵਿਚ ਤੁਹਾਥੋਂ ਵੱਡਾ ਦਿੱਸੇ ਮਹਾਪੁਰਸ਼ ਨਹੀ ਕਾਈ

ਕਰੋ ਮਿਹਰ ਹਿੰਦੂ ਪੰਡਿਤਾਂ ਤੇ ਲਓ ਪੂੰਝ ਇਨ੍ਹਾਦੇ ਹੰਜੂ

ਲੜੋ ਇਨ੍ਹਾ ਦੇ ਧਰਮ ਵਾਸਤੇ  ਬਚ ਜਾਣ ਬੋਦੀ ਤੇ ਜੰਜੂ

ਗੁਰਾਂ ਕਿਹਾ ਹਿੰਦੂ ਪੰਡਿਤਾਂ ਨੂੰ ਕਹੋ ਹੁਕਮਰਾਨਾਂ ਨੂੰ ਜਾਏ

ਗੁਰੂ ਸਿਖਾਂ ਦਾ ਤੇਗ ਬਹਾਦੁਰ ਅਸੀਂ ਸ਼ਰਣ ਓਸਦੀ ਆਏ

ਹੈ ਹਿਮ੍ਮਤ ਤਾਂ ਨੌਵੇਂ ਗੁਰ ਨੂੰ ਜੇ ਧਰਮ ਤੋਂ ਲਾਓ ਡੋਲਾਏ

ਖ਼ੁਦ ਖ਼ੁਸ਼ੀ ਖ਼ੁਸ਼ੀ ਬਣ ਜਾਂਗੇ ਮੋਮਨ ਅਸੀਂ ਸਾਰੇ ਹਿੰਦੂ ਆਏ

ਸੁਣ ਔਰੰਗੇ ਹੁਕਮ ਭੇਜਿਆ ਗੁਰ ਸੱਦੇ ਵਿਚ ਕਚਿਹਰੀ

ਨੌਵੇਂ ਗੁਰ ਨੇੰ ਕੂਚ ਕਰਨ ਦੀ ਕਰ ਲਈ ਫ਼ੇਰ ਤਿਆਰੀ

ਕੁਝ ਸਿੰਘ ਨਾਲ ਗੁਰਾਂ ਦੇ ਹੋਏ ਜਤੀ ਸਤੀ ਤੇ ਦਿਆਲਾ

ਕਿਹਾ ਬਾਦ ਮੇਰੇ ਗੋਬਿੰਦ ਹੋਸੀ ਗੁਰਗੱਦੀ ਦਾ ਰਖਵਾਲਾ

ਪਿੰਜਰੇ ਗੁਰਾਂ ਨੂੰ ਪਾਇਆ ਨਾਲੇ ਸਿੰਘ ਵੀ ਸੰਗਲੀਂ ਬਨ੍ਹੇ

ਦੁਖ ਤਸੀਹੇ ਦਿੱਤੇ ਭਾਰੀ ਵੇਖ ਜਨਤਾ ਥਰ ਥਰ ਕੰਮੇਂ

ਕਿਹਾ ਔਰੰਗੇ ਮੋਮਨ ਬਣ ਜਾਓ ਸਮੇਤ ਗੁਰੂ ਸਿਖ ਸਾਰੇ

ਸਿਖਾਂ ਨੇਂ ਜੈਕਾਰੇ ਛੱਡੇ ਅਸੀਂ ਧਰਮ ਤੋਂ ਸਦ ਬਲਿਹਾਰੇ

ਰੂੰ ਲਪੇਟ ਲਾ ਅੱਗ ਜ਼ਾਲਮਾਂ ਸ਼ਹੀਦ ਸਤੀ ਦਾਸ ਨੂੰ ਕੀਤਾ

ਆਰਾ ਰਖ ਕੇ ਜਤੀ ਦਾਸ ਦਾ ਦੋ-ਫਾੜ ਸ਼ਰੀਰ ਸੀ ਕੀਤਾ

ਦੇਗ ਮੰਗਾ ਕੇ ਵੱਡੀ ਸਾਰੀ ਪਾਣੀ ਭਰਿਆ ਦਿੱਤਾ ਉਬਾਲਾ

ਵਿਚ ਬਿਠਾ ਸ਼ਹੀਦ ਸੀ ਕੀਤਾ ਗੁਰੂ ਕਾ ਸਿਖ ਦਿਆਲਾ

ਛਾਲੇ ਛਾਲੇ ਸੀ ਗੁਰਾਂ ਦਾ ਪਿੰਡਾ ਜਦ ਪਿੰਜਰੇ ਚੋਂ ਕਢਵਾਇਆ

ਵਿਚ ਚਾਂਦਨੀ ਚੌੰਕ ਦੇ ਆਕੇ ਫ਼ਿਰ ਗੁਰਾਂ ਨੇ ਆਸਾਨ ਲਾਇਆ

ਘੁੱਪ ਹਨੇਰੀ ਰਾਤ ਸੀ ਕਾਲੀ ਸਨ ਬੱਦਲ ਜ਼ੁਲਮ ਦੇ ਛਾਏ

ਬੈਠੇ ਸ਼ਾਂਤ ਅਡੋਲ ਗੁਰੂ ਸਨ ਵਿਚ ਅਕਾਲ ਪੁਰਖ ਦੀ ਰਜ਼ਾਏ

ਜ਼ੁਲਮ ਜਬਰ ਦੀ ਹੱਦ ਹੋ ਗਈ ਤੁਫਾਨੀ ਹਵਾ ਸੀ ਚੱਲੀ

ਤੇਗ ਦੀ ਧਾਰ ਤੇ ਚਮਕੀ ਬਿਜਲੀ ਜੋਤ ਜੋਤ ਵਿਚ ਰੱਲੀ

ਤੇਗ ਬਹਾਦੁਰ ਹਿੰਦ ਦੀ ਚਾਦਰ ਕਰ ਗਏ ਆਪਾ ਕੁਰਬਾਨ

"ਜੀਤ" ਰਹੇਗਾ ਯਾਦ ਹਮੇਸ਼ਾਂ ਜਦਤਕ ਚੰਨ ਸੂਰਜ ਅਸਮਾਨ